Punjabi Bujartan with Answers

Punjabi Bujartan is a set of basic questions compiled in the form of a quiz with answers – designed to be used primarily for use by Punjabi-speaking people. Punjabi Bujartan – Punjabi-speaking people’s online quiz for basic knowledge.

1.ਬੰਦ ਗਲੇ ਦੇ ਲੰਮੇ ਕੋਟ ਨੂੰ ਕੀ ਕਹਿੰਦੇ ਹਨ?  (ਅਚਕਨ)

2.ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਕੀ ਕਹਿੰਦੇ ਹਨ? ( ਟਰੰਕ )

3.ਇੱਕ ਟੋਟਰੂ ਦੇ ਦੋ ਬੱਚੇ ਨਾ ਓਹ ਖਾਂਦੇ ਨਾ ਓਹ ਪੀਂਦੇ ਬਸ ਦੇਖ-ਦੇਖ ਜੀਂਦੇ……(ਅੱਖਾਂ)

4.ਆਲ਼ਾ ਕੌਡੀਆਂ ਵਾਲ਼ਾ ਵਿੱਚ ਮੇਰੀ ਭੂਟੋ ਨੱਚਦੀ……ਮੂੰਹ ਵਿਚਲੇ ਦੰਦ ਤੇ ਜੀਭ

5. ਲੰਮੇ ਤੇ ਮੋਟੇ ਰੱਸੇ ਨੂੰ ਕੀ ਕਹਿੰਦੇ ਹਨ?( ਲੱਜ )

6.ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁਲ੍ਹ ਜਾਂਦਾ…..( ਮੂੰਹ ਬੰਦ ਤੇ ਖੁੱਲਾ)

7. ਮੱਕੀ ਜਾਂ ਕਣਕ ਨੂੰ ਮੋਟੀ ਪੀਹ ਕੇ ਵਿਚ ਲੂਣ, ਮਿਰਚ ਪਾ ਕੇ, ਪਾਣੀ ਵਿਚ ਰਿੰਨ੍ਹ ਕੇ ਬਣਾਈ ਖਾਣ ਵਾਲੀ ਵਸਤ ਨੂੰ ਕੀ ਕਹਿੰਦੇ ਹਨ?
( ਦਲੀਆ )

8.ਆਈ ਸੀ ਪਰ ਦੇਖੀ ਨਹੀਂ….. ( ਨੀਂਦ)

Punjabi Bujartan with Answers
Punjabi Bujartan with Answers

9. ਦਸ ਜਾਣੇ ਪਕਾਣ ਵਾਲ਼ੇ ਬੱਤੀ ਜਾਣੇ ਖਾਣ ਵਾਲ਼ੇ ਝੰਡੋ ਕੁੜਿ ਸਮੇਟਣ ਵਾਲ਼ੀ ਮੌਜਧੈਣ ਸਾਂਭਣ ‘ਤੇ………( ਉਂਗਲਾਂ, ਦੰਦ, ਜੀਭ ਤੇ ਢਿੱਡ)

10.ਨਿੱਕੀ ਜਿਹੀ ਡੱਬੀ ਖੋ ਗਈ ਸਬੱਬੀ ਮੁੜ ਕੇ ਨਾ ਲੱਭੀ……… ( ਜਾਨ)

11.ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ…… ( ਬਹੁਕਰ/ਝਾੜੂ )

12.ਤਾਰੇ ਕਿੰਜ ਟਿਕਾਏ, ਦੇਖਾਂ ਚੰਨ ਤਾਂ ਹੋਵੇ ਅਚੰਭਾ। ਪੂਰੀ ਧਰਤੀ ‘ਤੇ ਤਣਿਆ, ਨਾ ਕੋਈ ਸੋਟੀ, ਨਾ ਹੀ ਖੰਭਾ।( ਆਕਾਸ਼ )

13.ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਝਾਂਜਰਾਂ,ਸਾਰਾ ਪਿੰਡ ਸੌਂ ਗਿਆ, ਨੰਗ ਮਾਰੇ ਚਾਂਗਰਾਂ।( ਕੁੱਤਾ )

14.ਦੋ ਕੁੜੀਆਂ ਕਾਠ ਵਿਚ ਜੜੀਆਂ,ਚੀਕਾਂ ਮਾਰ ਅਸਮਾਨੀਂ ਚੜ੍ਹੀਆਂ। ( ਬੰਦੂਕ )

15.ਓਲ੍ਹਣੀ ਮੋਲ੍ਹਣੀ ਦਰਾਂ ‘ਚ ਖੋਲ੍ਹਣੀ………(ਜੁੱਤੀ)

16.ਝਿੰਗਾਂ ਨਾਲ ਘੇਰੀ ਥਾਂ ਨੂੰ ਕੀ ਕਹਿੰਦੇ ਹਨ? ( ਵਾੜਾ )

17.ਨਿੱਕਾ ਜਿਹਾ ਕਾਕਾ ਘਰ ਦਾ ਰਾਖਾ…… ( ਜਿੰਦਰਾ)

18.ਅੱਗਿਉਂ ਨੀਵਾਂ ਪਿੱਛਿਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ……. (ਛੱਜ)

19. ਜਿਥੇ ਮੀਂਹ ਦਾ ਪਾਣੀ ਇਕੱਠਾ ਹੋਵੇ ਤੇ ਸਾਰਾ ਸਾਲ ਖੜ੍ਹਾ ਰਹੇ, ਉਸ ਥਾਂ ਨੂੰ ਕੀ ਕਹਿੰਦੇ ਹਨ? ( ਟੋਭਾ )

20.ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਣ… (ਚੁੱਲਾ,ਤਵਾ ਤੇ ਰੋਟੀ)

21.ਕਾਲ਼ਾ ਹੈ ਪਰ ਕਾਗ ਨਹੀਂ ਲੰਮਾ ਹੈ ਪਰ ਨਾਗ ਨਹੀਂ………. ( ਪਰਾਂਦਾ )

22.ਘੋੜੇ ਦੀ ਇਕ ਪਾਸੇ ਦੀ ਅਗਲੀ ਲੱਤ ਨਾਲ ਤੇ ਇਕ ਪਾਸੇ ਦੀ ਪਿਛਲੀ ਲੱਤ ਨਾਲ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ? ( ਪੈਂਖੜ )

23.ਹਾਬੜ ਦਾਬੜ ਪਈ ਕੁੜੇ ਪੜਥੱਲੋ ਕਿਧਰ ਗਈ ਕੁੜੇ…… ( ਕੜਛੀ )

24.ਪਿੱਤਲ ਦੇ ਘੜੇ ਦੀ ਸ਼ਕਲ ਦੇ ਬਰਤਨ ਨੂੰ ਕੀ ਕਹਿੰਦੇ ਹਨ? ( ਗਾਗਰ )

25.ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ……( ਸੂਈ- ਧਾਗਾ)

26. ਛੱਤ ਦੇ ਹੇਠ ਬਣੀ ਛੋਟੀ ਛੱਤ ਨੂੰ, ਜਿਸ ਉੱਪਰ ਸਮਾਨ ਰੱਖਿਆ ਜਾਂਦਾ ਹੈ, ਕੀ ਕਹਿੰਦੇ ਹਨ? ( ਪਰਛੱਤੀ )

27.ਤਲੀ ਉੱਤੇ ਕਬੂਤਰ ਨੱਚੇ…… ( ਆਟੇ ਦਾ ਪੇੜਾ )

28.ਇੱਕ ਨਿੱਕਾ ਜਿਹਾ ਪਟਵਾਰੀ ਉਹਦੀ ਸੁੱਥਣ ਬਹੁਤੀ ਭਾਰੀ……. (ਅਟੇਰਨ )

29.ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਡਿੱਠਾ, ਧੋਣ ਲੰਮੀ ਸਿਰ ਆਕੜਿਆ ..(ਊਠ )

30.ਚਿੱਟੀ ਮਸੀਤ ਬੂਹਾ ਕੋਈ ਨਾ…..( ਅੰਡਾ)

31.ਲੰਮਾਂ ਲੰਮ- ਸੰਲਮਾਂ ਲੰਮੇ ਦਾ ਪਰਛਾਵਾਂ ਕੋਈ ਨਾ… ( ਸੜਕ/ਦਰਿਆ)

32.ਚੜ੍ਹ ਚੌਂਕੀ ‘ਤੇ ਬੈਠੀ ਰਾਣੀ ਸਿਰ ‘ਤੇ ਅੱਗ, ਬਦਨ ‘ਤੇ ਪਾਣੀ…..(ਹੁੱਕਾ )

33.ਕਰੀਰ ਦੀ ਝਾੜੀ ਨੂੰ ਲੱਗੇ ਫਲ ਨੂੰ ਕੀ ਕਹਿੰਦੇ ਹਨ? ( ਡੇਲੇ )

34.ਸਬਜ਼ ਕਟੋਰੀ ਮਿੱਠਾ ਭੱਤ ਲੁੱਟੋ ਸਈਓ ਹੱਥੋ-ਹੱਥ……. ( ਖ਼ਰਬੂਜਾ )

35. ਜ਼ਨਾਨੀਆਂ ਦੇ ਗਿੱਟਿਆਂ ‘ਤੇ ਪਾਉਣ ਵਾਲੇ ਚਾਂਦੀ ਦੇ ਇਕ ਗਹਿਣੇ ਨੂੰ ਕੀ ਕਹਿੰਦੇ ਹਨ? ( ਪੰਜੇਬਾਂ )

36.ਕੱਪੜੇ ਦੇ ਬਣੇ ਥੈਲੇ ਨੂੰ ਕੀ ਕਹਿੰਦੇ ਹਨ? ( ਝੋਲਾ )

37.ਤਿੰਨ ਚੱਪੇ ਇੱਕ ਲਕੜੀ ਆਂਦੀ ਉਸ ਦਾ ਕੀ ਕੁਝ ਘੜੀਏ ? ਬਾਰਾਂ ਕੋਹਲੂ, ਇੱਕ ਲੱਠ ਚਰਖਾ ਘੜਿਆ ਤ੍ਰੈ ਸਿ ਸੱਠ ( ਸਾਲ, ਮਹੀਨੇ, ਦਿਨ)

38.ਸ਼ੱਕਰ ਵਿਚ ਘਿਓ ਮਿਲਾ ਕੇ ਜੋ ਮਿਸ਼ਰਤ ਵਸਤ ਬਣਦੀ ਹੈ, ਉਹ ਨੂੰ ਕੀ ਕਹਿੰਦੇ ਹਨ? ( ਸ਼ੱਕਰ-ਘਿਓ )

39.ਮਾਸੀ ਦੀ ਸੱਸ ਦੇ, ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ, ਮਾਂ ਨੂੰ ਕੀ ਕਹਿੰਦੇ ਹਨ? (ਨਾਨੀ )

40.ਜੇ ਇਸ ਬਾਤ ਦੇ ਨਾਲ਼ ਹੇਠ ਲਿਖੀ ਸਤਰ ਜੋੜ ਦੇਈਏ ਤਾਂ ਜਵਾਬ ਬਦਲ ਜਾਂਦਾ ਹੈ…..ਅਜੇ ਵੀ ਲੱਕੜੀ ਮੇਰੇ ਹੱਥ……. (ਕਲਮ )

41.ਸਰਕੜੇ, ਕਾਹੀ ਆਦਿ ਨਾਲ ਬਣਾਏ ਘਰ ਨੂੰ ਕੀ ਕਹਿੰਦੇ ਹਨ? ( ਛੱਪਰੀ )

42.ਸਿੰਜਾਈ ਲਈ ਖੂਹ ਵਿਚੋਂ ਜਾਂ ਟੋਭੇ ਵਿਚੋਂ ਪਾਣੀ ਕੱਢਣ ਵਾਲੇ ਸੰਦ ਨੂੰ ਕੀ ਕਹਿੰਦੇ ਹਨ? ( ਢੀਂਗਲੀ )

43.ਭੇਡਾਂ-ਬੱਕਰੀਆਂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ? ( ਆਜੜੀ )

44.ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ। : ਕੇਲਾ

45.ਤਿੰਨ ਲਫਜ਼ਾਂ ਦਾ ਦੇਸ਼ ਹੈ, ਜਾਣੇ ਲੱਖ ਕਰੋੜ। ਪਿੱਠ ਕੱਟੋ ਬਣ ਜਾਂਵਦਾ, ਪੰਜ ਉਂਗਲਾਂ ਦਾ ਜੋੜ। : ਪੰਜਾਬ

46.ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ। ਬੁੱਝਣੀ ਆ ਤਾਂ ਬੁੱਝ, ਨਹੀਂ ਹੋ ਜਾ ਬਾਹਰ। : ਅੱਖਾਂ

47.ਜਿਉਂ-ਜਿਉਂ ਮੈਨੂੰ ਫੋਲੋਗੇ, ਘੁੰਡੀ ਦਿਲ ਦੀ ਖੋਲ੍ਹੋਗੇ, ਪਿਆਰ ਮੇਰੇ ਨਾਲ ਪਾਓਗੇ, ਰੂਹ ਦੀ ਭੁੱਖ ਮਿਟਾਓਗੇ। : ਕਿਤਾਬ

48.ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ। ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ। : ਹਵਾ

49.ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ। : ਟੈਲੀਫੋਨ

50.ਇਕ ਸੰਦੂਕੜੀ ‘ਚ ਬਾਰਾਂ ਖਾਨੇ, ਹਰ ਖਾਨੇ ਵਿਚ ਤੀਹ-ਤੀਹ ਦਾਣੇ, ਬੁੱਝਣ ਵਾਲੇ ਬੜੇ ਸਿਆਣੇ। : ਸਾਲ, ਮਹੀਨੇ ਅਤੇ ਦਿਨ।

51.ਬਾਹਰੋਂ ਲਿਆਂਦੀ ਕੱਟ-ਵੱਢ ਕੇ, ਘਰ ਵਿਚ ਨੱਥਾਂ ਪਾਈਆਂ। ਜਦੋਂ ਪੂਰੀ ਤਿਆਰੀ ਹੋ ਗਈ, ਖੂਬ ਚਪੇੜਾਂ ਲਾਈਆਂ।: ਢੋਲਕੀ

52.ਇਕ ਜਾਨਵਰ ਰੁੱਖਾ, ਜਿਸ ਦੇ ਸਿਰ ‘ਤੇ ਪੱਖਾ। : ਮੋਰ

53.ਤੂੰ ਪਾਈ ਬਾਤ, ਬਾਤ ਤਾਂ ਬੜੀ ਚੰਗੀ ਆ, ਖੱਡ ਵਿਚ ਹੈ ਮਿਆਊਂ, ਉਹਦੀ ਪੂਛ ਨੰਗੀ ਆ | : ਪਤੀਲੀ ਵਿਚ ਕੜਛੀ

54.ਰੋਟੀ ਪਕਾਉਣ ਵਾਲੀ ਭੜੋਲੇ ਵਰਗੀ ਉੱਚੀ ਭੱਠੀ ਨੂੰ ਕੀ ਕਹਿੰਦੇ ਹਨ? : ਤੰਦੂਰ

55.ਆਰ ਢਾਂਗਾ ਪਾਰ ਢਾਂਗਾ, ਵਿਚ ਟੱਲਮ ਟੱਲੀਆਂ | ਆਉਣ ਕੂੰਜਾਂ ਦੇਣ ਗੇੜੇ, ਨਦੀ ਨਹਾਵਣ ਚੱਲੀਆਂ |: ਖੂਹ ਦੀਆਂ ਟਿੰਡਾਂ

56.ਅੱਧਾ ਜਲ ਵਿਚ, ਅੱਧਾ ਥਲ ਵਿਚ, ਕੀਟ-ਪਤੰਗੇ, ਮੱਛਰ ਖਾ ਲੈਂਦਾ। : ਡੱਡੂ

57. ਉੱਪਰੋਂ ਫਿੱਕਾ ਅੰਦਰੋਂ ਸ਼ਹਿਦ, ਖਾਓ ਜਿਸ ਨੂੰ ਕਹਿੰਦੇ ਵੈਦ। : ਗੰਨਾ

58. ਨਵਾਂ ਖਜ਼ਾਨਾ ਘਰ ਵਿਚ ਆਇਆ, ਡੱਬੇ ਵਿਚ ਸੰਸਾਰ ਸਮਾਇਆ। : ਟੈਲੀਵਿਜ਼ਨ

59.ਕਿੱਕਰ ਦੇ ਫਲ ਨੂੰ ਕੀ ਕਹਿੰਦੇ ਹਨ? : ਤੁੱਕੇ

60.ਸਿਰ ਦੇ ਵਾਲਾਂ ਦੇ ਇਕ ਥਾਂ ਗੁੰਦੇ ਗੁੱਛੇ ਨੂੰ ਕੀ ਕਹਿੰਦੇ ਹਨ? : ਮੀਢੀ

61.ਪਸ਼ੂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ?: ਪਾਲੀ

62.ਛੋਲਿਆਂ ਦੀਆਂ ਹਰੀਆਂ ਟਾਂਟਾਂ ਵਿਚੋਂ ਕੱਢੇ ਕੱਚੇ ਹਰੇ ਛੋਲਿਆਂ ਦੇ ਹਰੇ ਦਾਣਿਆਂ ਨੂੰ ਕੀ ਕਹਿੰਦੇ ਹਨ?: ਛੋਲੂਆ

63.ਖੂਹੀਆਂ, ਖੂਹਾਂ ਵਿਚੋਂ ਪਾਣੀ ਕੱਢਣ ਵਾਲੇ ਲੋਹੇ ਦੇ ਚੌੜੇ ਮੂੰਹ ਵਾਲੇ ਬਰਤਨ ਨੂੰ ਕੀ ਕਹਿੰਦੇ ਹਨ?: ਡੋਲ

64.ਛੋਟੇ ਮੁੰਡਿਆਂ ਦੇ ਲੱਕ ਦੁਆਲੇ ਮਣਕੇ, ਘੁੰਗਰੂ ਜਾਂ ਕੌਡੀਆਂ ਪਰੋ ਕੇ ਬੰਨ੍ਹੇ ਕਾਲੇ ਰੰਗ ਦੇ ਧਾਗੇ ਨੂੰ ਕੀ ਕਹਿੰਦੇ ਹਨ?: ਤੜਾਗੀ

65.ਏਨਾ ਲੰਮਾ ਬੰਦਾ, ਨਾਲ ਉਸ ਦੇ ਤਾਰਾਂ ਦਾ ਸ਼ਿਕੰਜਾ।: ਬਿਜਲੀ ਦਾ ਖੰਭਾ

66.ਅੰਦਰੋਂ ਲਾਲ ਬਾਹਰੋਂ ਕਾਲੀ,ਚੁਗੀ ਜਾਵਾਂ ਵਿਚ ਰੱਖ ਕੇ ਥਾਲੀ।: ਮਸਰਾਂ ਦੀ ਦਾਲ

67.ਵੀਹ ਸੀਸ ਫੜ ਧੜੋਂ ਉਤਾਰੇ, ਕੀਤਾ ਖੂਨ ਨਾ ਜਾਨੋਂ ਮਾਰੇ।: ਨਹੁੰ

68.ਜਲ ਵਿਚ ਹੋਇਆ, ਜਲ ਵਿਚ ਮੋਇਆ।ਜਲ ਵਿਚ ਉਸ ਦੇ ਸਾਸ, ਨਾ ਹੱਡੀ ਨਾ ਮਾਸ।: ਪਾਣੀ ਦਾ ਬੁਲਬੁਲਾ

69.ਇਤਨੀ ਕੁ ਡੱਬੀ, ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ।: ਜਾਨ

70.ਐਡੇ ਜ਼ੋਰ ਦੀ ਵਰਖਾ ਹੋਈ, ਹਾਥੀ ਖੜ੍ਹਾ ਨਹਾਵੇ,ਸਾਰਾ ਸ਼ਹਿਰ ਵਿਚ ਡੁੱਬ ਜਾਵੇ, ਪਰ ਕੌਲ ਨਾ ਭਰਿਆ ਜਾਵੇ।: ਤਰੇਲ

71.ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹੈ।: ਬਿਜਲੀ

72.ਲਾਲ ਗਾਂ ਲੱਕੜ ਖਾਵੇ,ਪਾਣੀ ਪੀ ਕੇ ਮਰ ਜਾਵੇ।: ਅੱਗ

73.ਐਸਾ ਵਹਿੜਕਾ ਹਲ ਵਾਹੇ ਟਿੱਬੀ ਢਾਹੇਅੱਸੀ ਨੱਥਾਂ ਪਾਈਆਂ ਹਜੇ ਬੁੜ੍ਹਕਦਾ ਜਾਵੇ।: ਢੋਲ

74.ਤੇਜ਼ੀ ਉਸ ਦੀ ਨੁਕਸਾਨ ਕਰੇਉਹਦੇ ਬਿਨ ਨਾ ਬਿੰਦ ਸਰੇ।: ਹਵਾ

75.ਹਰੀ-ਹਰੀ ਕੋਠੜੀ,ਵਿਚ ਵਿਛਿਆ ਗਲੀਚਾ ਲਾਲ।: ਤਰਬੂਜ਼