Success Story of Daljit Kaur
Success Story of Daljit Kaur

ਆਪਣੇ ਆਪ ਨੂੰ ਜੇ ਆਪ ਸਭ ਨਾਲ ਜਾਣੂ ਕਰਵਾਵਾਂ ਤਾਂ ਤੁਸੀਂ ਮੈਨੂੰ Daljit Kaur ਕਹਿ ਸਕਦੇ ਹੋ। ਮੈਂ ਇੱਕ ਆਮ ਜਿਹੀ ਲੜਕੀ ਹਾਂ। ਮੈਨੂੰ ਅਜੇ ਤੱਕ ਅਜਿਹਾ ਨਹੀਂ ਲੱਗਦਾ ਕਿ ਮੈਂ ਖਾਸ ਹਾਂ ਜਾਂ ਕਿਸੇ ਨੂੰ ਮੇਰੇ ਬਾਰੇ ਜਾਣਕਾਰੀ ਰੱਖਣਾ ਇੱਕ ਦਿਲਚਸਪ ਗੱਲ ਹੋਵੇਗੀ। ਫਿਰ ਵੀ ਮੈਂ ਆਪ ਸਭ ਨਾਲ ਆਪਣੀ ਅੱਜ ਤੱਕ ਦੀ ਜਿੰਦਗੀ ਦਾ ਸਾਰ ਸਾਂਝਾ ਕਰਾਂਗੀ। ਮੈਂ ਇੱਕ ਛੋਟੇ ਜਿਹੇ ਪਿੰਡ ਮਹਿਤਪੁਰ ਜਿਲ੍ਹਾ ਜਲੰਧਰ ਵਿੱਚ ਪੈਦਾ ਹੋਈ, ਇੱਕ ਸਧਾਰਨ ਜਿਹੀ ਕੁੜੀ ਸਾਂ। ਜਿਵੇਂ ਕਿ ਆਮ ਸੁਣਨ ਨੂੰ ਮਿਲਦਾ ਹੈ ਕਿ ਧੀ ਜੰਮਣ ਤੇ ਲੋਕਾਂ ਨੂੰ ਪਿੰਡਾਂ ਵਿੱਚ ਬਹੁਤ ਖੁਸ਼ੀ ਨਹੀਂ ਹੁੰਦੀ, ਇਸੇ ਤਰ੍ਹਾਂ ਦਾ ਤਜੁਰਬਾ ਮੇਰਾ ਵੀ ਰਿਹਾ। ਮੇਰੀ ਇੱਕ ਵੱਡੀ ਭੈਣ ਸੀ, ਫੇਰ ਮੈਂ ਮੇਰੇ ਤੇ ਛੋਟਾ ਮੇਰਾ ਭਰਾ ਅਤੇ ਇਕ ਹੋਰ ਛੋਟੀ ਭੈਣ ਹਨ।

 

Success Story of Daljit Kaur

ਮੈਂ ਬਚਪਨ ਤੋਂ ਹੀ ਸ਼ਰਾਰਤੀ, ਹਸਮੁੱਖ ਅਤੇ ਹਰ ਕੰਮ ਨੂੰ ਸਮਝਣ ਤੇ ਕਰਨ ਵਿੱਚ ਜਰਾ ਤੇਜ ਸੀ। ਇਸ ਤਰ੍ਹਾਂ ਸਭ ਨੂੰ ਲੱਗਦਾ ਸੀ ਮੈਨੂੰ ਹਰ ਚੀਜ, ਹਰ ਗੱਲ ਦਾ ਨਿਰੀਖਣ ਕਰਨਾ ਬਹੁਤ ਪਸੰਦ ਸੀ। ਮੇਰੀ ਰੂਚੀ ਚਿੱਤਰਕਾਰੀ ਵਿੱਚ ਵੀ ਸੀ, ਮੈਨੂੰ ਪੜਨਾ ਤੇ ਲਿਖਣਾ ਬਹੁਤ ਪਸੰਦ ਸੀ। ਮਾਤਾ-ਪਿਤਾ ਨੇ ਅੰਗਰੇਜੀ ਸਕੂਲ ਵਿੱਚ ਪੜਨ ਲਾਇਆ। ਇੱਕ ਸਾਲ ਮੈਂ ਬੱਸ ਰੋ-ਰੋ ਕੇ ਸਾਰਾ ਦਿਨ ਸਕੂਲ ਵਿੱਚ ਬਤਾਇਆ ਕਿਉਂਕਿ ਮੇਰੀਆਂ ਭੈਣਾਂ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਸਨ ਤੇ ਮੈਨੂੰ ਉਹਨਾਂ ਨਾਲ ਹੀ ਪੜਾਈ ਕਰਨ ਦੀ ਜਿੱਦ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਸਰਕਾਰੀ ਪ੍ਰਾਇਮਰੀ ਸਕੂਲ, ਮਹਿਤਪੁਰ ਵਿੱਚ ਹੀ ਲਗਾ ਦਿੱਤਾ। ਮੇਰੇ ਇਹ ਪੰਜ ਸਾਲ ਬਹੁਤ ਵਧੀਆ ਤੇ ਯਾਦਗਾਰ ਹਨ।

ਮੈਂ ਬਹੁਤ ਘੱਟ ਪੜਾਈ ਕੀਤੀ ਤੇ ਸਾਰੀਆਂ ਖੇਡਾਂ ਜੋ ਕੁੜੀਆਂ ਖੇਡਦੀਆਂ ਗਿੱਟੇ ਖੇਡਣਾ, ਰੱਸੀ ਟੱਪਣਾ, ਗੈਲਰੀ, ਸੂਟ-ਸਿਲਾਈ, ਅੰਨਾ-ਝੋਟਾ ਤੇ ਬਹੁਤ ਸਾਰੀਆਂ ਹੋਰ ਖੇਡਾ ਵੀ ਬਹੁਤ ਖੇਡੀਆਂ, ਮੈਨੂੰ ਜਿੰਦਗੀ ਨੂੰ ਖੁਸ਼ਦਿਲੀ ਤੇ ਅਨੰਦਮਈ ਤਰੀਕੇ ਨਾਲ ਜਿਉਣਾ ਹੀ ਮੇਰੀ ਪਹਿਚਾਣ ਰਹੀ। ਹਰ ਪਲ ਨੂੰ ਦਿੱਲ ਨਾਲ ਜਿਉਣਾ, ਜੋ ਦਿੱਲ ਕਰਦਾ, ਉਹੀ ਕਰਨਾ, ਸੁਨਣੀ ਸਭਦੀ ਪਰ ਕਰਨਾ ਉਹੀ ਜੋ ਮੇਰਾ ਦਿੱਲ ਕਰਦਾ। ਇਸ ਤਰ੍ਹਾਂ ਦਾ ਵਤੀਰਾ ਰਿਹਾ ਸ਼ੁਰੂ ਤੋਂ ਸਕੂਲ ਤੋਂ ਦੋੜ ਜਾਣਾ, ਬਜਾਰ ਵਿੱਚ ਗੱਚਕ ਖਾਣੀ, ਖੇਤਾਂ ਵਿੱਚ ਘੁੰਮਦੇ ਰਹਿਣਾ, ਮੋਟਰ ਤੇ ਨਹਾਉਣਾ, ਬਚਪਨ ਸੱਚੀ ਬਹੁਤ ਖੂਬਸੂਰਤ ਸੀ।

ਮੇਰਾ ਹੁਣ ਲਿਖਦੇ ਵੀ ਅਨੰਦ ਆ ਰਿਹਾ, ਉਹਨਾਂ ਪਲਾ ਨੂੰ ਯਾਦ ਕਰਕੇ, ਪੰਜਵੀਂ ਪਾਸ ਕਰ ਲਈ, ਪਹਿਲੇ ਨੰਬਰ ਤੇ ਨਹੀਂ ਸੀ ਆਉਂਦੀ ਪਰ ਪੜਾਈ ਵਿੱਚ ਹੁਸ਼ਿਆਰ ਸੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ, ਮੇਰੀ ਅਧਿਆਪਕਾ ਕਹਿੰਦੀ ਸੀ ਹਮੇਸ਼ਾ, ਉਹਨਾਂ ਦੇ ਮੂੰਹੋਂ ਹੀ ਇਹ ਸੁਣਿਆ ਤੇ ਹਮੇਸ਼ਾ ਨਾਲ ਹੀ ਉਹ ਕਹਿੰਦੇ ਸਨ ਕਿ ਸ਼ਰਾਰਤੀ ਬਹੁਤ ਹੈ, ਮੈਨੂੰ ਕੋਈ ਵੀ ਇਹ ਗੱਲ ਬੁਰੀ ਨਹੀਂ ਸੀ ਲਗਦੀ, ਮੇਰਾ ਦਿਲ ਇਸ ਗੱਲ ਤੇ ਵੀ ਖੁਸ਼ ਹੋ ਜਾਂਦਾ ਸੀ। ਫਿਰ ਛੇਵੀਂ ਤੋਂ 10ਵੀਂ ਤੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਮਹਿਤਪੁਰ ਵਿੱਚ ਦਾਖਲ ਹੋਇਆ, ਵੱਡਾ ਸਕੂਲ ਸੀ, ਦਿਲ ਵਿੱਚ ਡਰ ਸੀ ਪਰ ਇੰਚਾਰਜ ਮੈਡਮ ਸ੍ਰੀਮਤੀ ਕੁਲਵੰਤ ਕੌਰ (ਪੰਜਾਬੀ ਮਿਸਟ੍ਰੈਸ) ਮਿਲੇ, ਬਹੁਤ ਹੀ ਵਧੀਆ ਸਨ, ਉਹ ਛੇਵੀਂ ਵਿੱਚ ਅੰਗਰੇਜੀ ਸਕੂਲਾਂ ਤੋਂ ਵੀ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਤੇ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਵਾਲਿਆਂ ਨੇ ਸਾਰੇ ਅਧਿਆਪਕ ਉਹਨਾਂ ਨੂੰ ਹੁਸ਼ਿਆਰ ਕਹਿੰਦੇ ਸਨ।

ਮੈਂ ਸਭ ਨੂੰ ਧਿਆਨ ਨਾਲ ਸੁਣਦੀ ਤੇ ਸੋਚਦੀ, ਉਹਨਾਂ ਤੇ ਸਾਡੇ ਵਿਚਕਾਰ ਕੀ ਅੰਤਰ ਹੈ, ਸਾਡੇ ਵਿੱਚ ਬਹੁਤ ਸਾਰੀ ਗੱਲਾਂ ਜੋ ਵਧੀਆ ਹਨ, ਉਹਨਾਂ ਨੂੰ ਸ਼ਾਇਦ ਕੋਈ ਨੋਟਿਸ ਨਹੀਂ ਸੀ ਕਰਦਾ, ਬੱਸ ਪੇਪਰ ਤੇ ਲਿਖੇ ਅੱਖਰਾਂ ਨਾਲ ਸਾਡੇ ਬਾਰੇ ਰਾਇ ਕਰ ਲਈ ਜਾਂਦੀ ਕਿ ਅਸੀਂ ਸਰਕਾਰੀ ਸਕੂਲ ਵਾਲੇ ਹਾਂ ਤੇ ਪੜਨ ਨੂੰ ਤੇਜ਼ ਨਹੀਂ ਹੋਵਾਂਗੇ ਪਰ ਪ੍ਰਾਇਮਰੀ ਸਕੂਲ ਵਾਲੀ ਅਧਿਆਪਕਾ ਦੇ ਸ਼ਬਦ ਹਮੇਸ਼ਾ ਯਾਦ ਆਉਂਦੇ ਸੀ, ਜਦੋਂ ਉਹ ਮੇਰੀ ਮਾਂ ਕੋਲ ਕਹਿੰਦੀ ਸੀ ਕਿ ਪੜਨ ਨੂੰ ਹੁਸ਼ਿਆਰ ਹੈ, ਬਸ ਸ਼ਰਾਰਤੀ ਜਿਆਦਾ ।

ਮੈਂ ਸੋਚਿਆ ਕਿ ਸਾਡੇ ਵਿੱਚ ਕੀ ਕਮੀ ਹੈ, ਮੈਨੂੰ ਕੋਈ ਵੀ ਕਮੀ ਨਹੀਂ ਲੱਗੀ ਤੇ ਫਿਰ ਸੋਚਿਆ ਅਸੀਂ ਕਿਸੇ ਤੋਂ ਘੱਟ ਨਹੀਂ। ਜੇ ਅਸੀਂ ਇਹ ਮੰਨ ਲਿਆ ਤਾਂ ਕਿਵੇਂ ਪੜਾਈ ਕਰਾਂਗੇ, ਉਸ ਦਿਨ ਸੋਚਿਆ ਕਿ ਸਾਰਿਆਂ ਨੂੰ ਪੜ੍ਹਕੇ ਵਖਾਉਣਾ, ਇੱਕ ਦੋ ਮਹੀਨੇ ਬਾਅਦ ਅੰਗਰੇਜੀ ਤੇ ਸਰਕਾਰੀ ਸਕੂਲ ਵਾਲਾ ਵਖਰੇਵਾ ਖਤਮ ਕਰ ਦਿੱਤਾ। ਪਹਿਲਾ ਚੈਲੇਂਜ ਚਨੌਤੀ ਜੋ ਖੁਦ ਨੂੰ ਦਿੱਤੀ, ਉਹ ਪੂਰੀ ਕੀਤੀ, ਜਿਸ ਨਾਲ ਆਤਮ ਵਿਸ਼ਵਾਸ਼ ਵੱਧ ਗਿਆ, ਬਸ ਫਿਰ ਕੀ ਸੀ, ਦਸਵੀਂ ਤੱਕ ਸਾਰੇ ਅਧਿਆਪਕ ਹੁਸ਼ਿਆਰ ਵਿਦਿਆਰਥਣ ਵਿੱਚ ਨਾਮ ਲੈਂਦੇ ਸਨ, ਪਹਿਲੇ ਨੰਬਰ ਤੇ ਹੁਣ ਵੀ ਨਹੀਂ ਸੀ।

ਪਹਿਲੇ ਚਾਰ-ਪੰਜ ਵਿਦਿਆਰਥੀਆਂ ਵਿੱਚ ਸੀ, ਜਿਵੇਂ-ਜਿਵੇਂ ਸਮਝ ਦਾ ਪੱਧਰ ਵੱਧਦਾ ਗਿਆ, ਉਸੇ ਤਰ੍ਹਾਂ ਆਤਮ-ਵਿਸ਼ਵਾਸ਼ ਵੱਧਦਾ ਗਿਆ, ਦਸਵੀਂ ਵਿੱਚ ਸਭ ਅੰਗਰੇਜੀ ਸਕੂਲਾਂ ਵਾਲੇ ਮੈਥ ਵਿਸ਼ੇ ਵਿੱਚ ਪਿੱਛੇ ਛੱਡ ਦਿੱਤੇ, ਸਾਰੇ ਵਿਸ਼ਿਆਂ ਵਿੱਚ ਵੱਧ ਨੰਬਰ ਨਹੀਂ ਸੀ, ਕੁੱਝ ਵਿੱਚ ਵਧੀਆ ਸਨ, ਬਸ ਪਰ ਜਦੋਂ ਮੇਰੇ ਮੈਥ, ਡਰਾਇੰਗ ਆਦਿ ਹੋਰ ਵਿਸ਼ੇ ਵਿੱਚ ਵੱਧ ਨੰਬਰ ਆਏ ਤਾਂ ਅੰਗਰੇਜੀ ਸਕੂਲਾਂ ਵਾਲੇ ਵਿਦਿਆਰਥੀ ਜਲਨ ਲੱਗੇ, ਉਸ ਵੇਲੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਚੀਜ ਮੈਨੂੰ ਨਹੀਂ ਹੁੰਦੀ, ਕਿਸੇ ਤੋਂ “ਜਲਣ” ਬਹੁਤ ਆਮ ਤੇ ਬਹੁਤ ਖਤਰਨਾਕ ਸ਼ਬਦ ਹੈ। ਫਿਰ ਆਪਣੇ ਤੇ ਯਕੀਨ ਹੋਰ ਵੱਧ ਗਿਆ।

ਗਿਆਰਵੀਂ ਜਮਾਤ ਵਿੱਚ ਸਾਇੰਸ ਰੱਖ ਲਈ, ਸਭ ਕਹਿੰਦੇ ਰਹੇ ਤੇਰੇ ਤੋਂ ਨਹੀਂ ਹੋਣਾ, ਨਾ ਰੱਖ, ਇੱਕ ਅਧਿਆਪਕ ਸ੍ਰੀ ਪਵਨ ਕੁਮਾਰ ਬਾਇਓ ਲੈਕਚਰਾਰ ਸਨ, ਉਹਨਾਂ ਨੇ ਕਿਹਾ ਨਹੀਂ ਬੇਟਾ ਤੂੰ ਕਰ ਲੈਣਾ ਬਸ ਯਕੀਨ ਸੀ, ਉਹਨਾਂ ਨੂੰ ਮੇਰੇ ਤੇ ਮੈਂ ਵੀ ਉਹ ਟੁੱਟਣ ਨਹੀਂ ਦਿੱਤਾ, ਵਧੀਆ ਰਿਹਾ ਗਿਆਰਵੀਂ ਦਾ ਸਾਲ ਪਾਸ ਹੁੰਦੀ ਗਈ, ਜਿੰਦਗੀ ਦਾ ਦੂਸਰਾ ਚੈਲੇਂਜ ਸੀ, ਆਪਣੇ ਆਪ ਨਾਲ ਜੋ ਪੂਰਾ ਕਰ ਲਿਆ ਸੀ

ਗਿਆਰਵੀਂ ਵਿੱਚੋਂ ਪਾਸ ਹੋ ਕੇ ਸਕੂਲ ਵਿੱਚ ਅਧਿਆਪਕਾ ਦੀ ਕਮੀ ਹੋਣ ਕਾਰਨ ਬਾਰਵੀਂ ਜਮਾਤ ਗੁਰੂ ਨਾਨਕ ਨੈਸ਼ਨਲ ਕਾਲੇਜ, ਨਕੋਦਰ ਤੋਂ ਕਰਨੀ ਪਈ, ਜੋ ਜਮਾਤ ਪੰਜ ਸੌ ਰੁਪਏ ਵਿੱਚ ਪੂਰੀ ਹੋ ਜਾਂਦੀ ਸੀ। ਉਸ ਉੱਪਰ ਪੰਜ ਹਜਾਰ ਲੱਗੇ, ਪਿਤਾ ਕੋਲ ਨਾ ਸ਼ਬਦ ਨਹੀਂ ਸੀ ਤਾਂ ਉਹਨਾਂ ਖਿੜੇ ਮੱਥੇ ਪੜਾਇਆ, ਇਹ ਅਗਲਾ ਚੈਲੇਂਜ ਨਾਲ ਜੁੜ ਗਿਆ, ਹੁਣ ਆਉਖੀ ਪੜਾਈ ਤੇ ਖਰਚ ਨਾਲ-ਨਾਲ ਚੱਲ ਰਹੇ ਸਨ, ਦਿਮਾਗ ਉੱਪਰ ਟੈਂਸ਼ਨ ਹਾਵੀ ਹੋਣੀ ਸ਼ੁਰੂ ਹੋਈ ਪਰ ਆਪਣੇ ਆਪ ਨੂੰ ਸਮਝਾਇਆ ਕਿ ਨਹੀਂ ਕੋਈ ਗੱਲ ਨਹੀਂ, ਜਿੰਨਾਂ ਕੋਲ ਪੈਸੇ ਨਹੀਂ ਹੁੰਦੇ ਕੀ ਉਹ ਪੜ੍ਹਦੇ ਨਹੀਂ? ਪੜਦੇ ਹਨ ਕੁੱਝ ਬਣਦੇ ਵੀ ਹਨ।

ਆਪਣੇ ਆਪ ਨਾਲ ਵਾਅਦਾ ਕੀਤਾ ਕਿ ਪੜਨਾ ਤੇ ਸਭ ਦੇ ਮੂੰਹ ਬੰਦ ਕਰਵਾ ਦੇਣੇ। ਨਾਨ- ਮੈਡੀਕਲ ਕਰਕੇ ਸਕੂਲ ਵਿੱਚ ਇੱਕ ਵਧੀਆ ਛੱਵੀ ਬਣਾ ਕੇ ਪਾਸ-ਆਊਟ ਹੋਈ, ਸਾਰੇ ਅਧਿਆਪਕਾ ਨੇ ਬਹੁਤ ਪਿਆਰ ਦਿੱਤਾ, ਖੇਡਾਂ ਵਿੱਚ, ਪੜਾਈ ਵਿੱਚ, ਕੈਰੀਕੁਲਮ ਐਕਟੀਵਿਟੀਜ ਵਿੱਚ ਸਨ, ਸਭ ਪਾਸੇ ਭਾਗ ਲਿਆ, ਆਲ-ਰਾਊਂਡਰ ਦਾ ਪਰਾਈਜ ਮਿਲਿਆ, ਚਿਤਰਕਾਰੀ ਵਿੱਚ ਸਕੂਲ, ਤਹਿਸੀਲ ਤੇ ਜਿਲ੍ਹਾ ਪੱਧਰ ਤੇ ਇਨਾਮ ਮਿਲਦੇ ਰਹੇ। ਮਾਤਾ-ਪਿਤਾ ਤੇ ਅਧਿਆਪਕਾ ਦਾ ਮਾਨ ਵਧਾਉਣ ਦੀ ਹਮੇਸ਼ਾ ਕੋਸ਼ਿਸ਼ ਰਹੀ।

ਫਿਰ ਐਮ.ਬੀ.ਏ. ਕਰਨ ਲਈ ਲਵਲੀ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਦਾਖਲਾ ਲਿਆ, ਇਹਨਾਂ ਦੋ ਸਾਲਾਂ ਨੇ ਸਖਤ ਮਿਹਨਤ ਕਰਨੀ ਸਿਖਾਈ, ਜਿੰਦਗੀ ਨੂੰ ਅਕਾਰ ਵਿੱਚ ਲਿਆਉਣ ਲਈ ਬਹੁਤ ਮਦਦ ਕੀਤੀ, ਪਿਤਾ ਨਾਲ ਬਹੁਤ ਤੰਗੀ ਵੀ ਹੱਸ-ਹੱਸ ਕੇ ਝੱਲੀ ਪਰ ਨਾ ਉਹ ਪਿੱਛੇ ਮੁੜੇ ਤੇ ਨਾ ਮੈਂ ਪਿੱਛੇ ਮੁੜਨ ਦੀ ਕਦੀ ਸੋਚੀ। ਗਿੱਧੇ ਦੀ ਟੀਮ ਵਿੱਚ ਸਲੈਕਟ ਹੋਈ, ਮੇਰੇ ਨਾਲ-ਨਾਲ ਮੇਰੇ ਸੰਗਰਸ਼ ਵਿੱਚ ਮੇਰੇ ਮਾਤਾ-ਪਿਤਾ ਦਾ ਹੋਰ ਵੀ ਆਉਖਾ ਸੰਗਰਸ਼ ਰਿਹਾ, ਸਵੇਰੇ ਪੰਜ ਵਜੇ ਉਠਕੇ ਤਿਆਰੀ ਕਰਵਾ ਕੇ ਰੋਟੀ ਖੁਆ ਕੇ ਪੈਕ ਕਰਕੇ ਦੇਣੀ ਤੇ ਰਾਤ ਤੱਕ ਪੜਾਈ ਕਰਵਾਉਣ ਵਿੱਚ ਮੇਰਾ ਸਾਥ ਮੇਰੇ ਨਾਲੋਂ ਵੱਧ ਦਿੱਤਾ, ਜੇ ਮੇਰੇ ਮਾਂ-ਬਾਪ ਮੇਰੇ ਨਾਲ ਨਾ ਹੁੰਦੇ ਸ਼ਾਇਦ ਮੈਂ ਪੜਾਈ ਨਹੀਂ ਕਰ ਪਾਉਣੀ ਸੀ।

ਐਮ.ਬੀ.ਏ. ਕਰਦੇ-ਕਰਦੇ ਨੌਕਰੀ ਮਿਲੀ ਪਰ ਦਿੱਲੀ ਤੋਂ ਅੱਗੇ ਮਾਤਾ-ਪਿਤਾ ਨੇ ਭੇਜਣ ਤੋਂ ਨਾਂਹ ਕਰ ਦਿੱਤੀ, ਫਿਰ ਬਹੁਤ ਸਾਰੀ ਮਿਹਨਤ ਮਗਰੋਂ ਨੌਕਰੀ ਮਿਲੀ, ਪ੍ਰਾਈਵੇਟ ਬਹੁਤ ਥਾਵਾਂ ਤੇ ਚੰਗਾ ਕੰਮ ਨਹੀਂ ਮਿਲਦਾ ਸੀ ਤੇ ਬਹੁਤ ਸਾਰੀਆਂ ਥਾਵਾਂ ਤੇ ਰਿਜੈਕਟ ਕਰ ਦਿੱਤਾ ਜਾਂਦਾ ਸੀ ਪਰ ਫਿਰ ਵੀ ਇੱਕ ਦਿਨ ਵੀ ਨੈਗਟਿਵ ਵਿਚਾਰ ਮੇਰੇ ਦਿਲ ਦਿਮਾਗ ਵਿੱਚ ਨਹੀਂ ਆਇਆ, ਹੌਸਲਾ ਬੁਲੰਦਾ ਰੱਖਿਆ ਤੇ ਕਾਲੇਜ ਪੂਰਾ ਕਰਨ ਤੋਂ ਇੱਕ ਸਾਲ ਬਾਅਦ ਵਿਆਹ ਕਰ ਦਿੱਤਾ ਗਿਆ, ਸਰਕਾਰੀ ਨੌਕਰੀ ਜਿਸ ਵਾਸਤੇ ਵਿਆਹ ਤੋਂ ਪਹਿਲਾ ਅਪਲਾਈ ਕੀਤਾ ਸੀ, ਵਿਆਹ ਤੋਂ ਛੇ-ਸੱਤ ਮਹੀਨੇ ਮਗਰੋਂ ਇਹ ਨੌਕਰੀ ਮਿਲ ਗਈ, ਇੱਕ ਅਧਿਆਪਕਾ ਵਜੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਜਿਹਨਾਂ ਅਧਿਆਪਕਾ ਤੋਂ ਮੈਂ ਮਿੱਥਿਆ, ਉਹਨਾਂ ਵਾਂਗ ਸਿਖਾਉਣ ਦੀ ਕੋਸ਼ਿਸ਼ ਕੀਤੀ, ਜਿਹਨਾਂ ਕੋਲੋਂ ਇਹ ਸਿੱਖਿਆ ਕਿ ਵਿਦਿਆਰਥੀਆਂ ਨੂੰ ਕੀ-ਕੀ ਠੀਕ ਨਹੀਂ ਲੱਗਦਾ, ਉਹ ਨਹੀਂ ਕਰਨਾ, ਇਹ ਵੀ ਅਧਿਆਪਕਾ ਤੋਂ ਸਿੱਖਿਆ, ਜੋ ਸਮਝਾਉਣਾ ਉਹ ਕਿਵੇਂ ਘੋਲਕੇ ਦਿਮਾਗ ਵਿੱਚ ਪਾਉਣਾ ਕਿਸੇ ਵਿਦਿਆਰਥੀ ਦੇ ਇਹ ਵੀ ਅਧਿਆਪਕਾ ਤੋਂ ਸਿੱਖਿਆ ਪਰ ਕਿਵੇਂ ਕਿਸੇ ਦਾ ਆਤਮ-ਵਿਸ਼ਵਾਸ਼ ਜਗਾਉਣਾ ਤੇ ਵਧਾਉਣਾ।

ਇਹ ਆਪਣੀ ਸਮਝ, ਸੋਚ ਤੇ ਮਿਹਨਤ ਤੋਂ ਸਿੱਖਿਆ। ਅੱਜ ਇੱਕ ਕਾਮਯਾਬ ਔਰਤ, ਇੱਕ ਅਧਿਆਪਕਾ, ਇੱਕ ਮਾਂ, ਇੱਕ ਪਤਨੀ, ਇੱਕ ਧੀ ਤੇ ਇੱਕ ਨੂੰਹ ਹੋਣ ਦੇ ਸਾਰੇ ਫਰਜ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।ਮੇਰੀ ਲਿਖੀ ਇਕ ਪੁਸਤਕ ਐਕਸਪੋਰਟ ਮੈਨੇਜਮੇਂਟ ਬਾਰਵੀਂ ਜਮਾਤ ਲਈ ਬਹੁਤ ਸਹਾਈ ਸਿੱਧ ਹੋਵੇਗੀ।ਕੈਰੀਅਰ ਅਤੇ ਗਾਈਡੈਂਸ ਦੇ ਖੇਤਰ ਵਿੱਚ ਮੇਰੇ ਲਿਖੇ ਬਹੁਤ ਸਾਰੇ ਆਰਟੀਕਲ ਅਖਬਾਰਾਂ ਵਿੱਚ ਆ ਰਹੇ ਹਨ ਜੋ ਵਿਦਿਆਰਥੀਆਂ ਨੂੰ ਹਮੇਸ਼ਾ ਉਨ੍ਹਾਂ ਦਾ ਕਰੀਅਰ ਬਣਾਉਣ ਵਿਚ ਲਾਹੇਵੰਦ ਸਾਬਿਤ ਹੋਣਗੇ।

ਮੈਨੂੰ ਮਾਣ ਹੈ ਕਿ ਮੇਰੇ ਪੜ੍ਹਾਏ ਵਿਦਿਆਰਥੀਬਹੁਤ ਵਧੀਆ ਸਰਕਾਰੀ ਨੌਕਰੀਆਂ ਵਿੱਚ ਆ ਚੁੱਕੇ ਹਨ।ਮੇਰਾ ਸੁਨੇਹਾ ਹੈ ਆਪ ਸਭ ਲਈ:- ਹਿੰਮਤ, ਆਪਣੇ ਆਪ ਤੇ ਯਕੀਨ, ਨਿਰੀਖਣ, ਮਿਹਨਤ, ਲਗਨ, ਇਮਾਨਦਾਰੀ, ਆਤਮ-ਵਿਸ਼ਵਾਸ਼ ਇਹ ਸਭ ਸਾਡੇ ਵਧੀਆ ਮਿੱਤਰ ਹਨ। ਇਹਨਾਂ ਨੂੰ ਅਪਨਾਉਣਾ, ਇਹਨਾਂ ਨੂੰ ਸਾਂਭਣਾ, ਇਹਨਾਂ ਉੱਪਰ ਚੱਲਣਾ, ਇਹ ਸਾਨੂੰ ਕਰਨਾ ਪੈਂਦਾ ਹੈ। ਜੇ ਅਸੀਂ ਕਾਮਯਾਬ ਹੋਣਾ ਹੈ ਤਾਂ ਇਹਨਾਂ ਨੂੰ ਅਪਨਾਉਣ ਵਾਲਾ ਵਿਅਕਤੀ ਹਮੇਸ਼ਾ ਕਾਮਯਾਬੀ ਹਾਸਲ ਕਰਦਾ ਹੈ, ਜਿਸ ਤੋਂ ਚੂਕ ਗਏ, ਉੱਥੇ ਨਿਰਾਸ਼ਾ, ਨਾਕਾਮਯਾਬੀ, ਇਹ ਸਭ ਕੁੱਝ ਹਾਵੀ ਹੋਣ ਲੱਗਦਾ ਹੈ। ਸੋ ਹਮੇਸ਼ਾ ਜਿੰਦਗੀ ਵਿੱਚ ਹਾਵਾਚੀ ਸੋਚ ਰੱਖੋ, ਹਿੰਮਤ ਰੱਖੋ, ਹੌਸਲਾ ਰੱਖੋ, ਮਿਹਨਤ ਕਰੋ, ਕਾਮਯਾਬੀ ਪੈਰਾਂ ਵਿੱਚ ਹੋਵੇਗੀ।

2 COMMENTS

  1. A glimpse of your life shows that you have achieved success with hard work and honesty. Great achievement sis God blessed always to you.

Comments are closed.