ਕਵਿਤਾ ਦੇ ਗੂੜੇ ਰੰਗਾਂ ਵਿੱਚ ਰੰਗੀ ਹੋਈ ਕਵੀਤਰੀ ਪਰਜਿੰਦਰ ਕਲੇਰ
ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹ ਖੇਤਰ ਧਾਰਮਿਕ ਸਮਾਜਿਕ ਜਾਂ ਸਹਿਤਕ ਖੇਤਰ ਵਿੱਚ ਸਭ ਤੋਂ ਮੋਹਰੀ ਬਣਕੇ ਵਿਚਰ ਰਿਹਾ ਹੈ। ਜੇ ਫੇਸ਼ਬੁਕ ਤੇ ਦੇਖਿਆ ਜਾਵੇ ਤਾਂ ਮਾਝੇ ਏਰੀਏ ਦੀਆਂ ਸਹਿਤਕ ਕਲਮਾਂ ਆਪਣਾ ਵਧ ਚੜਕੇ ਯੋਗ ਦਾਨ ਪਾ ਰਹੀਆਂ ਹਨ। ਇਹਨਾ ਸਾਹਿਤਕ ਕਲਮਾਂ ਚੋਂ ਥੋੜੇ ਜਿਹੇ ਸਮੇਂ ਚ ਪਰਜਿੰਦਰ ਕੌਰ ਕਲੇਰ ਦਾ ਨਾਮ ਸਾਹਮਣੇ ਉਭਰ ਕੇ ਆਇਆ ਹੈ।
ਇਹ ਸਤਿਕਾਰ ਯੋਗ ਸਾਹਿਤਕ ਕਲਮ ਆਪਣੀਆਂ ਰਚਨਾਵਾਂ ਨੂੰ ਜੋਬਨ ਰੁੱਤ ਵਾਲੇ ਰੰਗ ਨੂੰ ਗੂੜੇ ਰੰਗਾਂ ਨਾਲ ਨਿਵੇਕਲੇ ਤੇ ਵੱਖਰੇ ਅੰਦਾਂਜ਼ ਚ ਲਿਖਦੀ ਤੇ ਚਿਤਰਦੀ ਦੇਖੀ ਗਈ ਹੈ। ਪਰਤੱਖ ਨੂੰ ਪਰਮਾਣ ਦੀ ਲੋੜ ਨਹੀ ਹੁੰਦੀਂ ਇਹ ਇਹਨਾਂ ਦੀਆਂ ਫੇਸਬੁਕ ਤੇ ਪਾਈਆਂ ਰਚਨਾਵਾਂ ਚੋਂ ਦੇਖਿਆ ਜਾ ਸਕਦਾ ਹੈ। ਕਵਿਤਾ ਨੂੰ ਇਹ ਕਲਮ ਕਵਿਤਾ ਚ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਚਿਣਨ ਦਾ ਹੁਨਰ ਰਖਦੀ ਹੈ ਜੋ ਉਸ ਸਮੇਂ ਦੀ ਹਕੀਕਤ ਨੂੰ ਬਿਆਨ ਕਰਦੇ ਹਨ।
ਕੁਦਰਤ ਜਦੋਂ ਕਿਸੇ ਇਨਸਾਨ ਤੇ ਮਿਹਰਬਾਨ ਹੁੰਦੀ ਹੈ। ਤਾਂ ਉਸ ਨੂੰ ਸੋਹਣੀ ਸੀਰਤ ਨਾਲ ਚੰਗੀ ਸੋਚ ਤੇ ਕਲਮ ਦਾ ਹੁਨਰ ਵੀ ਬਖਸ਼ ਦੇਦੀਂ ਹੈ।ਸੁਭਾਅ ਵਿੱਚ ਲੋਹੜੇ ਦਾ ਆਪਣਾਪਨ ਤੇ ਸ਼ਬਦਾਂ ਵਿੱਚ ਬੇਹੱਦ ਮਿਠਾਸ , ਵੱਡਿਆਂ ਦਾ ਸਤਿਕਾਰ ਕਹਿਣਾ ਮੰਨਣ ਦੀ ਭਾਵਨਾ ਤੇ ਹਰ ਆਰੰਭੇ ਕੰਮ ਨੂੰ ਪੂਰੀ ਮਿਹਨਤ ਲਗਨ ਤੇ ਸ਼ਿੱਦਤ ਨਾਲ ਨਿਭਾਉਣ ਇਹਨਾ ਦਾ ਸੁਭਾਵਕ ਗੁਣ ਹੈ।ਆਓ ਜਾਣੀਏ ਉਹਨਾਂ ਦੇ ਜੀਵਨ ਬਾਰੇ ਤੇ ਸਾਹਿਤ ਦੇ ਕਾਰਜ਼ਾ ਬਾਰੇ।
ਪਰਜਿੰਦਰ ਕਲੇਰ ਜੀ ਪੇਸ਼ੇ ਵੱਜੋਂ ਅਧਿਆਪਕ ਨੇ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਵੋਕੇਸ਼ਨਲ ਮਿਸਟ੍ਰੈਸ ਸ. ਸ. ਸ. ਸ. ਡੇਰਾ ਸਾਹਿਬ ਤਰਨ ਤਾਰਨ ਵਿਖੇ ਸੇਵਾਵਾਂ ਨਿਭਾ ਰਹੇ ਹਨ l ਇਨ੍ਹਾਂ ਦਾ ਜਨਮ ਤਰਨ ਤਾਰਨ ਦੇ ਇੱਕ ਛੋਟੇ ਜਿਹੇ ਪਿੰਡ ਘੱਗੇ ਵਿਖੇ ਹੋਇਆ, ਇਹਨਾਂ ਦੇ ਮਾਤਾ ਜੀ ਦਾ ਨਾਮ ਸ੍ਰੀਮਤੀ ਕੁਲਵੰਤ ਕੌਰ ਅਤੇ ਪਿਤਾ ਜੀ ਦਾ ਨਾਮ ਸ. ਸਵਰਣ ਸਿੰਘ ਹੈ।
ਇਨ੍ਹਾਂ ਦਾ ਵਿਆਹ ਸ. ਦਵਿੰਦਰ ਸਿੰਘ ਵਾਸੀ ਪਿੰਡ ਕਲੇਰ ਨਾਲ ਹੋਇਆ ਹੈ ਪਰਜਿੰਦਰ ਕਲੇਰ ਜੀ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੰਜਾਬ ਰਾਜ ਤੋਂ ਬਾਹਰ ਜੰਮੂ ਕਸ਼ਮੀਰ ਅਤੇ ਸਿੱਕਮ ਰਾਜਾਂ ਤੋਂ ਕੀਤੀ। ਬਾਰਵੀਂ ਤੋਂ ਬਾਅਦ ਗ੍ਰੈਜੁਏਸ਼ਨ (B. Com) ਦੀ ਪੜ੍ਹਾਈ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੋਂ ਕੀਤੀ। B. Ed ਦੀ ਪੜ੍ਹਾਈ G. N. ਕਾਲਜ ਆਫ਼ ਐਜੂਕੇਸ਼ਨ ਕਪੂਰਥਲਾ ਅਤੇ M. Com ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ l
ਇਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਖ਼ਾਸ ਯੋਗਦਾਨ ਪਾਇਆ ਹੈ। ਇਨ੍ਹਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਮੇਂ ਸਮੇਂ ਤੇ ਵੱਖ ਵੱਖ ਅਖਬਾਰਾਂ, ਮੈਗਜ਼ੀਨਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ। ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਪਰਜਿੰਦਰ ਕਲੇਰ ਜੀ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਕੰਮ ਬਾਖ਼ੂਬੀ ਕਰ ਰਹੇ ਹਨ l
ਸਮੇਂ ਸਮੇਂ ਤੇ ਕਵੀ ਦਰਬਾਰਾਂ ਵਿੱਚ ਸ਼ਮੂਲੀਅਤ ਕਰਕੇ ਇਨ੍ਹਾ ਸਾਹਿਤ ਦੇ ਖੇਤਰ ਵਿੱਚ ਇੱਕ ਖ਼ਾਸ ਸਥਾਨ ਹਾਸਲ ਕੀਤਾ ਹੈ l ਕਵੀ ਦਰਬਾਰ ਤੋਂ ਇਲਾਵਾ ਹੋਰ ਵੀ ਕਈ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਪੰਜਾਬੀ ਸੱਥ ਮੈਲਬੋਰਨ ਵੱਲੋਂ ਰੇਡੀਓ ਪ੍ਰੋਗਰਾਮ, ਸਾਹਿਤ ਧਾਰਾ USA ਵੱਲੋਂ ਰੇਡੀਓ ਪ੍ਰੋਗਰਾਮ, ਅਵਤਾਰ ਰੇਡੀਓ ਵਿੱਚ ਖ਼ਾਸ ਪ੍ਰੋਗਰਾਮ ਆਦਿ ਸ਼ਾਮਿਲ ਹਨ l
ਇਨ੍ਹਾਂ ਦੀ ਪਲੇਠੀ ਕਿਤਾਬ ਅਲਫਾਜ਼ – ਏ-ਅਹਿਸਾਸ October 2021 ਵਿੱਚ ਲੋਕ ਅਰਪਣ ਕੀਤੀ ਗਈ।
ਇਨ੍ਹਾਂ ਵੱਲੋਂ ਕੁਝ ਸਾਂਝੇ ਕਾਵਿ ਸੰਗ੍ਰਹਿ ਵਿੱਚ ਵੀ ਅਪਣਾ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ। ਜਿਨ੍ਹਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ।
1.ਮਿੱਟੀ ਦੇ ਬੋਲ (ਸੰਪਾਦਕ ਨਿਰਮਲ ਕੌਰ ਕੋਟਲਾ)
2.ਕਲਮਾਂ ਦੇ ਵਾਰਿਸ (ਸੰਪਾਦਕ ਰਮਨਦੀਪ ਕੌਰ)
3. ਤ੍ਰਾਸਦੀ (ਸੰਪਾਦਕ ਕਿਰਨ ਪਾਹਵਾ)
ਸਾਹਿਤ ਦੇ ਨਾਲ ਨਾਲ ਇਨ੍ਹਾਂ ਦੇ ਵਿਦਿਆਰਥੀਆਂ ਦੇ ਕੈਰੀਅਰ ਨਾਲ ਸੰਬੰਧਤ ਆਰਟੀਕਲ ਪੰਜਾਬੀ ਜਾਗਰਣ ਅਤੇ ਜੱਗ ਬਾਣੀ ਅਖਬਾਰਾਂ ਵਿੱਚ ਲੰਬੇ ਸਮੇਂ ਤੋਂ ਛਪਦੇ ਆ ਰਹੇ ਹਨ। ਆਸ ਕਰਦੇ ਆਂ ਕਿ ਇਹ ਕਲਮ ਨੌਜਵਾਨਾ ਲਈ ਪ੍ਰੇਰਨਾ ਸਰੋਤ ਬਣਕੇ ਉਭਰੇ ਭਵਿੱਖ ਲਈ ਕੁਝ ਨਵਾਂ ਤੇ ਵਧੀਆ ਲਿਖ ਸਕਣ।