Punjabi Poetry-ਔਰਤ ਹੀ ਕਿਉਂ

ਇੱਕ ਥੱਪੜ ਹੀ ਤਾਂ ਸੀ, ਖਾ ਲੈਂਦੀ
ਥੋੜਾ ਵੱਖਰਾ ਸੁਭਾਅ ਸੀ ਉਸਦਾ, ਹੰਢਾ ਲੈਂਦੀ
ਫਿਰ ਕੀ ਹੋ ਗਿਆ ਜੇ ਆਓ ਦਾ ਘਰ ਲੇਟ ਸੀ
ਕੀ ਪੈਂਦਾ ਸੀ ਫਰਕ, ਜੇ ਦੋਸਤਾਂ ਕੋਲ ਜਾਂਦਾ ਸੀ,
ਸਾਰਾ ਦਿਨ ਘਰ ਰਹਿ ਕੇ ਤੂੰ ਕਰਨਾ ਵੀ ਕੀ ਸੀ,
ਬਣਾ ਕੇ ਰੋਟੀਆਂ ਘਰ ਦੀ ਸਫਾ਼ਈਆਂ ਕਰ ਲੈਂਦੀ
ਫ਼ਿਰ ਕੀ ਹੋਇਆ ਜੇ ਲੈ ਲਏ ਗਹਿਣੇ ਜਾਂ ਪੈਸੇ
ਘਰਵਾਲਾ ਸੀ ਤੇਰਾ ਉਸਦਾ ਤਾਂ ਹੱਕ ਸੀ

ਸਮਾਜ ਦੇ ਬਣਾਏ ਇਹ ਦਸਤੂਰ ਸਭ ਔਰਤ ਲਈ ਕਿਵੇਂ ਮੈਂ ਜਰ ਲੈਂਦੀ
ਕਿਵੇਂ ਖਾ ਲੈਂਦੀ ਮੈਂ ਥੱਪੜ, ਕਿਵੇਂ ਅੱਥਰਾ ਸੁਭਾਅ ਹੰਢਾ ਲੈਂਦੀ,
ਗਹਿਣੇ ਸੀ ਮੇਰੇ ਮਾਪਿਆਂ ਦੀ ਨਿਸ਼ਾਨੀ, ਤੇ ਪੈਸੇ ਸੀ ਹੱਕ ਦੀ ਕਮਾਈ, ਕਿਵੇਂ ਦੇ ਕੇ ਉਸਨੂੰ ਜ਼ਰ ਲੈਂਦੀ…..
“ਘਰਵਾਲਾ” ਸੀ ਜੋ ਘਰ ਕਦੀ ਵੜਦਾ ਨਹੀਂ ਸੀ….
ਦੋਸਤਾਂ ਨੂੰ ਛੱਡਕੇ ਹੱਥ ਮੇਰਾ ਕਦੀ ਪਿਆਰ ਨਾਲ ਫੜਦਾ ਨਹੀਂ ਸੀ
ਕਿਉਂ ਹਰ ਵਾਰ ਔਰਤ ਨੂੰ ਹੀ ਸਿਰ ਪੈਂਦਾ ਝੁਕਾਉਣਾ ਹੈ….
ਕਿਉਂ ਹਰ ਵਾਰ ਸਾਨੂੰ ਪੈਂਦਾ ਘਰ ਵਸਾਉਣਾ ਹੈ…

ਤੋੜ ਕੇ ਸਾਰੇ ਢਕੌਂਸਲੇ, ਸਾਰੀਆਂ ਮਰਿਆਦਾ ਮੈਂ ਉਸਨੂੰ ਛੱਡ ਆਈ ਹਾਂ….
ਜਿਸਨੇ ਮੈਨੂੰ ਕਦੀ ਨੀ ਸਮਝਿਆ ਉਸ ਘਰ ਦੀ ਹੱਦ ਮੈਂ ਟੱਪ ਆਈ ਹਾਂ……
ਨਾ ਸੀ ਖਾ ਸਕਦੀ ਮੈਂ ਥੱਪੜ ਨਾ ਉਸਦਾ ਸੁਭਾਅ ਮੇਰੀ ਸਮਝੇ ਆਇਆ…..
ਹੁਣ ਲਗਦਾ ਹੈ ਮੈਨੂੰ ‘ਸ਼ਾਇਦ’ ਮੇਰਾ ਨਵਾਂ ਵਕਤ ਆਇਆ….

By Rubi